BREAKING NEWS
latest

728x90

 


468x60

ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਕਾਮਿਆਂ ਨੇ ਬਿਜਲੀ ਬਿੱਲ, ਬੀਜ ਬਿੱਲ ਅਤੇ 4 ਲੇਬਰ ਕੋਡਾਂ ਦੀਆਂ ਫੂਕੀਆਂ ਕਾਪੀਆਂ



ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਿਜਲੀ ਕਾਮਿਆਂ ਨੇ ਬਿਜਲੀ ਬਿੱਲ, ਬੀਜ ਬਿੱਲ ਅਤੇ 4 ਲੇਬਰ ਕੋਡਾਂ ਦੀਆਂ ਫੂਕੀਆਂ ਕਾਪੀਆਂ

ਲੁਧਿਆਣਾ 8 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੰਜਾਬ ਭਰ ਵਿੱਚ ਬਿਜਲੀ ਸੋਧ ਬਿੱਲ 2025 ਤੇ ਬੀਜ ਬਿੱਲ ਦੇ ਖਿਲਾਫ ਬਿਜਲੀ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਇਹਨਾਂ ਬਿੱਲਾਂ ਦੀਆਂ ਕਾਪੀਆਂ ਫੂਕੀਆਂ ਗਈਆਂ। ਬਿਜਲੀ ਨਿਗਮ ਦੀਆਂ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਆਪਸੀ ਹੋਈ ਸਾਂਝ ਦੇ ਮੱਦੇ ਨਜ਼ਰ ਜਿਸ ਪ੍ਰਕਾਰ ਕਿਸਾਨ ਜਥੇਬੰਦੀਆਂ ਬਿਜਲੀ ਨਿਗਮ ਦੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮੁੱਦਿਆਂ ਨੂੰ ਚੁੱਕ ਰਹੀਆਂ ਹਨ ਉਸੇ ਪ੍ਰਕਾਰ ਬਿਜਲੀ ਮੁਲਾਜ਼ਮਾਂ ਵੱਲੋਂ ਵੀ ਆਪਣੇ ਭਾਈਚਾਰੇ ਨੂੰ ਹੋਰ ਮਜਬੂਤ ਕਰਨ ਦੇ ਮਕਸਦ ਨਾਲ ਅੱਜ ਕਿਸਾਨ ਜਥੇਬੰਦੀਆਂ ਦੇ ਨਾਲ ਪੰਜਾਬ ਭਰ ਵਿੱਚ ਬਿਜਲੀ ਦਫਤਰਾਂ ਅੱਗੇ ਰੋਸ ਧਰਨੇ ਲਗਾਉਣ ਉਪਰੰਤ ਬਿਜਲੀ ਬਿੱਲ 2025 ਅਤੇ ਬੀਜ ਬਿੱਲ ਦੀਆਂ ਕਾਪੀਆਂ ਸਾੜ ਕੇ ਇਹਨਾਂ ਦਾ ਵਿਰੋਧ ਕੀਤਾ ਗਿਆ। ਬਿਜਲੀ ਮੁਲਾਜ਼ਮਾਂ ਵੱਲੋਂ ਇਸ ਵਿੱਚ ਹੋਰ ਵਾਧਾ ਕਰਦੇ ਹੋਏ ਚਾਰ ਲੇਬਰ ਕੋਡਾਂ ਅਤੇ ਬਿਜਲੀ ਬੋਰਡ ਦੀਆਂ ਬੇਸਕੀਮਤੀ ਜਮੀਨਾਂ ਵੇਚਣ ਦੇ ਵਿਰੋਧ ਵਿੱਚ ਵੀ ਰੋਸ ਧਰਨੇ ਲਗਾਏ ਗਏ। ਬਿਜਲੀ ਮੁਲਾਜ਼ਮਾਂ ਵੱਲੋਂ ਚਾਰੇ ਮੁੱਦਿਆਂ ਨੂੰ ਲੈ ਕੇ ਅੱਜ ਸੁੰਦਰ ਨਗਰ ਡਿਵੀਜ਼ਨ ਵਿਖੇ ਵੀ ਭਰਵਾਂ ਇਕੱਠ ਕਰਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਜਿੱਥੇ ਜਮੀਨਾਂ ਵੇਚਣ ਦਾ ਵਿਰੋਧ ਕੀਤਾ ਗਿਆ ਉਥੇ ਹੀ ਬਿਜਲੀ ਸੋਧ ਬਿੱਲ 2025, ਬੀਜ ਬਿੱਲ ਅਤੇ ਚਾਰ ਲੇਬਰ ਕੋਡਾਂ ਦਾ ਵਿਰੋਧ ਕਰਦੇ ਹੋਏ ਉਹਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਲਾਜ਼ਮਾਂ ਨੇ ਦੋਵਾਂ ਬਿੱਲਾਂ ਨੂੰ ਸਦਨ 'ਚ ਪੇਸ਼ ਕਰਨ ਦਾ ਵਿਰੋਧ ਕਰਦਿਆਂ ਲੇਬਰ ਕੋਡਾ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਧਰਨੇ ਦੀ ਅਗਵਾਈ ਟੀਐਸਯੂ ਦੇ ਸੂਬਾ ਜਥੇਬੰਦਕ ਸਕੱਤਰ ਰਘਵੀਰ ਸਿੰਘ, ਏ ਓ   ਜੇ ਈ ਦੇ ਸੂਬਾ ਮੀਤ ਪ੍ਰਧਾਨ ਇੰਜ: ਜਗਤਾਰ ਸਿੰਘ, ਪਾਵਰ ਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦੇ ਮੀਤ ਸੂਬਾ ਪ੍ਰਧਾਨ ਕੇਵਲ ਸਿੰਘ ਬਨਵੈਤ ਅਤੇ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜਿਲਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਵਿੱਚ ਇਹ ਰੋਸ ਧਰਨਾ ਕਰਨ ਉਪਰੰਤ ਕਾਪੀਆਂ ਸਾੜਨ ਦੀ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਇਆ ਗਿਆ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਦਾ ਉਹ ਸਖਤ ਵਿਰੋਧ ਕਰਦੇ ਹਨ ਕਿਉਂਕਿ ਇਹ ਕਿਸਾਨਾਂ ਦੇ ਨਾਲ ਨਾਲ ਆਮ ਵਰਗ ਅਤੇ ਮਜ਼ਦੂਰਾਂ ਦੇ ਵੀ ਵਿਰੋਧੀ ਹਨ। ਇਸ ਤੋਂ ਇਲਾਵਾ ਜੇਕਰ ਚਾਰ ਲੇਬਰ ਕੋਡਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਸਮੁੱਚੇ ਮਜ਼ਦੂਰ ਵਰਗ ਦੇ ਵਿਰੋਧੀ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਰਕਾਰ ਨਾਲ ਅੰਦਰ ਖਾਤੇ ਰਲੀ ਹੋਈ ਹੈ ਕਿਉਂਕਿ ਉਹਨਾਂ ਨੇ ਅਜੇ ਤੱਕ ਬਿਜਲੀ ਬਿੱਲ 2020 ਉੱਤੇ ਆਪਣਾ ਪੱਖ ਨਹੀਂ ਰੱਖਿਆ ਅਤੇ ਨਾ ਹੀ ਉਹਨਾਂ ਚਾਰ ਕੋਡਾਂ ਦਾ ਕਿਤੇ ਵੀ ਵਿਰੋਧ ਦਰਜ ਕਰਾਇਆ। ਓਲਟਾ ਪੰਜਾਬ ਸਰਕਾਰ ਬਿਜਲੀ 2025 ਨੂੰ ਪੰਜਾਬ ਦੇ ਬਿਜਲੀ ਨਿਗਮ ਵਿੱਚ ਲਾਗੂ ਕਰਵਾਉਣ ਲਈ ਤਰਲੋ ਮੱਛੀ ਹੁੰਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੱਲੋਂ ਇਸ ਬਿੱਲ ਦਾ ਹਿੱਸਾ ਸਮਾਰਟ ਮੀਟਰਾਂ ਨੂੰ ਜੰਗੀ ਪੱਧਰ ਉੱਤੇ ਲਗਾਉਣ ਲਈ ਬਿਜਲੀ ਮੁਲਾਜ਼ਮਾਂ ਨੂੰ ਸਖਤ ਹੁਕਮ ਚਾੜੇ ਹੋਏ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ਤਰਜ 'ਤੇ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਮੀਨਾਂ ਨੂੰ ਵੇਚ ਕੇ ਬਿਜਲੀ ਨਿਗਮ ਨੂੰ ਨਿੱਜੀਕਰਨ ਵੱਲ ਧੱਕ ਰਹੀ ਹੈ। ਆਗੂਆਂ ਨੇ ਕਿਹਾ ਕਿ ਅਸੀਂ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮੁਲਾਜ਼ਮ ਕਿਸਾਨ ਮਜ਼ਦੂਰ ਅਤੇ ਆਮ ਜਨ ਵਿਰੋਧੀ ਜੋ ਨੀਤੀਆਂ ਹਨ ਉਹਨਾਂ ਦਾ ਸਖਤ ਵਿਰੋਧ ਕਰਦੇ ਹੋਏ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ। ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਇਸ ਸਬੰਧੀ ਰੋਸ ਧਰਨੇ ਕੀਤੇ ਜਾ ਰਹੇ ਹਨ ਅਤੇ ਜੇਕਰ ਦੋਨਾਂ ਸਰਕਾਰਾਂ ਨੇ ਇਹਨਾਂ ਧਰਨਿਆਂ ਦੀ ਨਬਜ਼ ਨੂੰ ਸਮਝਦੇ ਹੋਏ ਆਪਣੇ ਫੈਸਲਿਆਂ ਨੂੰ ਵਾਪਸ ਨਾ ਲਿਆ ਤਾਂ ਬਿਜਲੀ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਤੋਂ ਭੋਰਾ ਗੁਰੇਜ ਨਹੀਂ ਕਰਨਗੀਆਂ। ਉਹਨਾਂ ਆਮ ਲੋਕਾਂ ਨੂੰ ਵੀ ਕਿਸਾਨਾਂ ਅਤੇ ਬਿਜਲੀ ਮੁਲਾਜ਼ਮਾਂ ਦੇ ਇਸ ਸਾਂਝੇ ਘੋਲ ਵਿੱਚ ਕੁੱਦਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹਰ ਇੱਕ ਵਿਅਕਤੀ ਦੇ ਉੱਤੇ ਪ੍ਰਭਾਵ ਪਾਉਣ ਵਾਲੇ ਬਿੱਲ ਅਤੇ ਕੋਡ ਹਨ, ਜਿਨਾਂ ਦਾ ਜਿੰਨਾ ਵਿਰੋਧ ਕੀਤਾ ਜਾਵੇ ਉਨਾਂ ਥੋੜਾ ਹੈ। ਸੋ ਪੰਜਾਬ ਦਾ ਹਰ ਵਾਸੀ ਸਾਡੇ ਵੱਲੋਂ ਉਲੀਕੇ ਸਾਂਝੇ ਘੋਲਾਂ ਦਾ ਹਿੱਸਾ ਬਣ ਕੇ ਇਹਨਾਂ ਸਰਕਾਰਾਂ ਨੂੰ ਸਬਕ ਸਿਖਾਵੇ। ਇਸ ਮੌਕੇ ਸੁਰਜੀਤ ਸਿੰਘ, ਰਾਮਦਾਸ, ਕੁਲਬੀਰ ਸਿੰਘ, ਜਸਵਿੰਦਰ ਸਿੰਘ, ਧਰਮਿੰਦਰ, ਗੌਰਵ ਕੁਮਾਰ, ਦੀਪਕ ਕੁਮਾਰ, ਕਮਲਜੀਤ ਰਣੀਆ, ਕਮਲਦੀਪ ਸਿੰਘ, ਬਹਾਦਰ ਸਿੰਘ ਲੁਹਾਰਾ, ਸੀਐਚਵੀ ਯੂਨੀਅਨ ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ, ਰਾਕੇਸ਼ ਕੁਮਾਰ ਅਤੇ ਵੱਡੀ ਗਿਣਤੀ ਦੇ ਵਿੱਚ ਬਿਜਲੀ ਕਾਮੇ ਹਾਜ਼ਰ ਸਨ।

« PREV
NEXT »

Facebook Comments APPID